ਅੱਜ ਤੋਂ 1-2 ਦਹਾਕੇ ਪਹਿਲਾ ਬਹੁਤੇ ਘਰਾਂ ਚ ਸ਼ਾਇਦ 2 ਕੁ ਕਮਰੇ ਹੁੰਦੇ ਸਨ ਤੇ ਬਾਹਰ ਚੋਂਕਾਂ(ਗਲਿਆਰਾ) ਬਣਾ ਕੇ ਚੁੱਲ੍ਹਾ ਬਾਲਿਆ ਹੁੰਦਾ ਸੀ, ਇਹ ਚੋਂਕੇ ਵਾਲਾ ਚੁੱਲ੍ਹਾ ਸਾਰਿਆਂ ਨੂੰ ਜੋੜਨ ਦਾ ਕੰਮ ਕਰਦਾ ਸੀ।
ਮਾਂ – ਬਾਪ ਬੱਚੇ ਬਜ਼ੁਰਗ ਸਭ ਇਸੇ ਦੇ ਨੇੜੇ ਮਿਲਦੇ ਸਨ ਦਿਨ ਦੇ ਖਾਣੇ ਵੇਲੇ, ਦੁਪਹਿਰੇ ਤੇ ਰਾਤ ਦੇ ਖਾਣੇ ਸਮੇਂ ,ਰੋਟੀ ਖਾਣ ਦੇ ਨਾਲ ਨਾਲ, ਦੁਨੀਆ ਚ ਕੀ ਚੱਲ ਰਿਹਾ ਹੈ , ਸਰਕਾਰ ਕੀ ਕਰ ਰਹੀਆਂ ਹਨ, ਕੀ ਨਹੀਂ ਕਰ ਰਹੀਆਂ ਹਨ, ਉਸ ਦੀਆ ਗੱਲਾਂ , ਹਾਸੇ ਗੱਲਾਂ ਬਾਤਾਂ ਕਹਾਣੀਆਂ ਅਕਸਰ ਉਸ ਚੁੱਲ੍ਹੇ ਚੋਂਕੇ ਦੇ ਨੇੜੇ ਜੁੜੀਆਂ ਹੁੰਦੀਆਂ ਸਨ।
ਉਸ ਜਮਾਨੇ ਚ ਪ੍ਰਦੂਸ਼ਣ ਦੀ, ਸਾਹ ਦੀ ਬਿਮਾਰੀਆਂ ਦੀ, ਕਿਸ ਨੂੰ ਪ੍ਰਵਾਹ ਸੀ? ਬਾਲਣ ਸਸਤਾ ਸੀ, ਸਸਤਾ ਕਾਹਦਾ ਮੁਫ਼ਤ ਸੀ , ਬੀਬੀਆਂ ਬਾਲਣ ਇਕੱਠਾ ਕਰਨ ਜਾਂਦੀਆਂ ਸਨ।
ਪਰ ਹੁਣ ਅੱਗ ਹਰ ਘਰ ਚ ਮਘਦੀ ਨਹੀਂ ਸਗੋਂ ਹੱਦੋ ਵੱਧ ਮੱਘ ਰਹੀ ਹੈ , ਜਿਹੜੀ ਬਾਲਣ ਫੂਕਾਂ ਮਾਰ ਚੁੱਲ੍ਹੇ ਤੋਂ ਦੂਰ , ਇਕਸਾਰ ਬਟਨ ਘਮਉਣ ਤੇ ਲਾਈਟਰ ਨਾਲ ਗੈਸ ਤੇ ਚੱਲਦੀ ਹੈ।
ਇੱਥੇ ਪਹਿਲੀ ਸੱਤਰ ਚ ਮਘਦੀ ਦਾ ਭਾਵ ਚੁੱਲ੍ਹੇ ਚ ਅੱਗ ਨਹੀਂ ਬਲਦੀ ਤੇ ਦੂਜੀ ਸਤਰ ਚ ਹੱਦੋ ਵੱਧ ਮਘਣ ਤੋਂ ਮਤਲਬ ਸਾਂਝੇ ਪਰਿਵਾਰ ਨਾਮ ਮਾਤਰ ਤੇ ਪਰਿਵਾਰ ਚ ਲੜਾਈ ਕਰਨ ਅੱਡ ਹੋਣਾ ਹੈ।
ਫਿਰ ਜਰਾ ਤਰੱਕੀ ਹੋਈ ਸਟੋਵ ਆਇਆ ਰਸੋਈਆ ਪੱਕੀਆਂ ਹੋਈਆਂ,ਗੈਸ ਸੀਲੈਂਡਰ ਨੇ ਸਾਰਾ ਕੁੱਜ ਇੱਕ ਰਸੋਈ ਚ ਸਮੇਟ ਕੇ ਰੱਖ ਦਿੱਤਾ, ਪਰ ਉਹ ਚੁੱਲੇ ਦੇ ਲਾਗੇ ਇਕੱਠੇ ਬੈਠ ਕੇ ਅੱਗ ਸੇਕਣ ਦਾ ਨਿੱਘ ਗਵਾਚ ਗਿਆ।
ਜੇਕਰ ਤੁਹਾਡਾ ਬਚਪਨ ਪਿੰਡ ਚ ਗੁਜਰਿਆ ਹੈ ਤਾ ਤੁਹਾਨੂੰ ਯਾਦ ਹੋਵੇਗਾ ਚੁੱਲ੍ਹੇ ਲਾਗੇ ਬੈਠਿਆਂ , ਬਾਲਣ ਚੋ ਭਾਬਕਾ ਜਾਂ ਪਟਾਕਾ ਜੇਹਾ ਬੱਜ ਜਾਣਾ ਤਾਂ ਬੀਬੀਆਂ ਨੇ ਕਹਿਣਾ ਜਰੂਰ ਕੋਈ ਚੁਗਲੀ ਕਰ ਰਿਹਾ ਸਾਡੀ , ਕੋਈ ਤਾਂ ਕੀ ਕਰ ਰਿਹਾ ਹੋਣਾ ਓਹਨਾ ਨੂੰ ਜਰੂਰ ਮੌਕਾ ਮਿਲ ਜਾਣਾ ਚੁਗਲੀਆਂ ਦਾ।
ਪਹਿਲਾ ਤਾਂ ਸਾਰੇ ਬੱਚੇ ਕੀ ਬੁੱਢੇ ਕੀ ਆਲੂ , ਸ਼ਕਰਕੰਦੀ ਭੁੰਨ ਕੇ ਖਾਂਦੇ ਸੀ ਜਿਹੜਾ ਕੇ ਅੱਜ ਦੇ ਬੱਚਿਆਂ ਨੂੰ ਨਹੀਂ ਪਤਾ ਹੁਣਾ, ਚੁੱਲੇ ਦੇ ਵਿਚ ਤਵੇ ਤੋਂ ਲਾਹੀ ਰੋਟੀ ਪਕੋਣੀ ਸ਼ਇਦ ਅੱਜ ਕਲ ਦਾ ਬੱਚੇ ਸੋਚ ਕੇ ਹੀ ਤੌਬਾ ਕਰ ਦੇਣ ਖਾਣ ਦੀ ਗੱਲ ਤਾਂ ਦੂਰ ਰਹੀ।
ਸਾਂਝੇ ਪਰਿਵਾਰ ਦਾ ਚੁੱਲ੍ਹਾ ਵੀ ਸਾਂਝਾ ਹੁੰਦਾ ਸੀ , ਸ਼ਾਇਦ ਸਾਂਝਾ ਚੁੱਲ੍ਹਾ ਏਕਤਾ ਪਿਆਰ ਤੇ ਇਕੱਠਿਆਂ ਰਹਿਣ ਦਾ ਪ੍ਰਤੀਕ ਸੀ, ਹੁਣ ਤਾਂ ਚੱਲੋ ਚੱਕਵੇਂ ਚੁੱਲ੍ਹੇ ਆ ਗਏ ਨੇ ਗੈਸ ਦੇ ਨਾਲ , ਡਾਈਨਿੰਗ ਟੇਬਲ ਤੇ ਬੈਠ ਕੇ ਵਾਤਾਵਰਣ ਨੂੰ ਬਚਾਉਂਦੇ ਹੋਏ ਅਸੀਂ ਚੱਕਵੇਂ ਗਾਣੇ ਜਰੂਰ ਸੁਣ ਸਕਦੇ ਹਾਂ , ਪਰ ਉਹ ਹਾਸਿਆਂ ਖੇਡੀਆ ਬਾਤਾਂ ਦੀ ਗੱਲ ਹੀ ਕੁੱਜ ਹੋਰ ਸੀ।
ਹੁਣ ਆਟੇ ਦੀਆ ਚਿੜੀਆਂ ਗਾਣਿਆਂ ਚ ਹਨ ਚੁੱਲਿਆਂ ਚ ਨਹੀਂ , ਚੁੱਲਿਆਂ ਦੀ ਅੱਗ ਹੁਣ ਸੀਨਾ ਨਹੀਂ ਠਾਰਦੀ ਖਾਸ ਕਰ ਕੇ ਓਹਨਾ ਲਈ ਜੋ ਆਪਣੇ ਬੇਬੇ ਦੇ ਚੋਂਕੇ ਚ ਤੱਤੀਆ ਤੱਤੀਆ ਖਾਂਦੇ ਸੀ ਤੇ ਹੁਣ ਆਲੀਸ਼ਾਨ ਡਾਈਨਿੰਗ ਟੇਬਲ ਟੀ. ਵੀ. ਅੱਗੇ ਬੈਠ ਕੇ ਵੀ ਉਹ ਸਵਾਦ ਨੀ ਮਿਲਦੇ।