ਸਫਾਈ – ਰੱਬ ਹਰ ਜਗ੍ਹਾ ਬਿਰਾਜਮਾਨ ਹੈ , ਇਸ ਲਈ ਜਦੋਂ ਵੀ ਅਸੀਂ ਗੰਦ ਪਾਈਏ ਤਾਂ ਜਰੂਰ ਸੋਚੀਏ ਕੇ ਅਸੀਂ ਉਸ ਰੱਬ ਦੇ ਘਰ ਨੂੰ ਗੰਦਾ ਕਰ ਰਹੇ ਹਾਂ

ਸਫਾਈ ਅਤੇ ਲੋਕ

ਸਫਾਈ – ਠੱਪ ਠੱਪ , ਸ਼ੋਰ ਸ਼ਰਾਵੇ ਦੀ ਅਵਾਜ ਨੀਂਦ ਤੋਂ ਉਠਦਿਆ ਹੀ ਮੇਰਾ ਸਵਾਗਤ ਕਰਦੀ ਹੈ , ਸਾਡੇ ਮੋਹੱਲੇ ਦੇ ਲੋਕ ਸਫਾਈ ਰੋਜ ਕਰਦੇ ਹਨ ਪਰ ਸਿਰਫ ਆਪਣੇ ਆਪਣੇ ਘਰ ਦੀ , ਗਲੀਆਂ ਮੋਹੱਲੇ ਦੀ ਕਿਸ ਨੂੰ ਪ੍ਰਵਾਹ ਹੈ, ਆਪਣੇ ਘਰਾਂ ਦੀ ਸਫਾਈ ਕਰ ਕੇ ਕੂੜਾ ਬਾਹਰ ਸੁੱਟ ਦਿੱਤਾ ਜਾਂਦਾ ਹੈ ਜੋ ਕੇ ਨਾਲੀਆਂ ਗਲੀਆਂ ਚ ਗੰਦ ਪਾਉਂਦਾ ਫਿਰਦਾ ਹੈ।

ਸਫਾਈ ਅਤੇ ਨੌਜਵਾਨ

ਥੋੜਾ ਬਹੁਤ ਕੂੜਾ ਤਾਂ ਇਧਰ ਉਧਰ ਲਕੋ ਦਿੱਤਾ ਜਾਂਦਾ ਹੈ , ਜੋ ਜ਼ਿਆਦਾ ਕੂੜਾ ਭਾਵ ਕੇ ਜੋ ਲੁਕਾਇਆ ਨਾ ਜਾ ਸਕੇ , ਉਹ ਕੂੜਾ ਸਾਡੇ ਘਰ ਦੇ ਲਾਗੇ ਲਿਆ ਕੇ ਰੱਖਿਆ ਜਾਂਦਾ ਹੈ , ਮਾਫ ਕਰਨਾ ਰੱਖਿਆ ਨਹੀਂ ਸੁੱਟਿਆ ਜਾਂਦਾ ਹੈ , ਉਹ ਵੀ ਅਲੱਗ ਅਲੱਗ ਤਰੀਕਿਆ ਨਾਲ ।

ਮੇਰੇ ਲਈ ਸਭ ਤੋਂ ਵੱਧ ਮਜੇਦਾਰ ਹੁੰਦਾ ਹੈ ਨੌਜਵਾਨਾਂ ਦਾ ਕੂੜਾ ਸੁੱਟਣਾ , ਕੂੜੇ ਦੀ ਚੀਜ ਨੂੰ ਏਦਾਂ ਸੁੱਟਣ ਗੇ , ਜਿਵੇ ਕੂੜਾਦਾਨ ਬਾਸ੍ਕੇਟਵਾਲ ਦਾ ਰਿੰਗ ਅਤੇ ਚੀਜ ਕੋਈ ਬਾਲ ਹੋਵੇ , ਅਤੇ ਓਹਨਾ ਨੇ ਸਹੀ ਸੁੱਟ ਕੇ ਪੁਆਇੰਟ ਲੈਣੇ ਹੋਣ।

ਵਿਤਕਰਾ ਅਤੇ ਸਫਾਈ

ਸਾਨੂੰ ਛੋਟੇ ਹੁੰਦੇ ਤੋਂ ਹੀ ਪੜਾਇਆ ਜਾਂਦਾ ਹੈ ਕੇ ਕੂੜੇ ਨੂੰ ਖੁਲੇ ਚ ਸੁੱਟਣ ਦੇ ਕਿੰਨੇ ਨੁਕਸਾਨ ਹਨ , ਪਰ ਅਸੀਂ ਸਮਝਦੇ ਨਹੀਂ , ਅਸੀਂ ਸਫਾਈ ਕਰਮਚਾਰੀ ਨੂੰ ਵੀ ਏਦਾਂ ਦੇਖਾਂਗੇ ਜਿਵੇਂ ਉਸ ਦੇ ਨਾਲ ਖੜੇ ਵੀ ਹੋ ਗਏ ਤਾਂ ਸਾਨੂੰ ਬਿਮਾਰੀਆਂ ਲੱਗ ਜਾਣਗੀਆਂ ।

ਪਰ ਅਸੀਂ ਭੁੱਲ ਜਾਂਦੇ ਹਾਂ ਕੇ ਉਹ ਸਫਾਈ ਵਾਲਾ ਹੈ , ਕੂੜੇ ਵਾਲੇ ਅਸੀਂ ਹਾਂ , ਸਾਡੀ ਕਿੰਨੀ ਤਗੜੀ ਬੇਵਕੂਫੀ ਤੇ ਨਾਸਮਝੀ ਹੈ ਕੇ ਸਫਾਈ ਕਰਮਚਾਰੀਆਂ ਨੂੰ ਅਸੀਂ ਇੱਕ ਸਮਾਜਿਕ ਤਬਕੇ ਨਾਲ ਜੋੜ ਕੇ ਰੱਖ ਦਿੱਤਾ ਹੈ।

“ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ” ਅਸੀਂ ਸਿਰਫ ਪੜਦੇ ਹੀ ਹਾਂ , ਮੰਨਦੇ ਨਹੀਂ

ਅਲੋਕਾਂ ਦੀ ਲਾਪਰਵਾਹੀ

ਅਸੀਂ ਅਕਸਰ ਸਰਕਾਰ ਦੇ ਖਿਲਾਫ ਬੋਲਾਂਗੇ ਕੇ ਸਰਕਾਰ ਇਹ ਨੀ ਕਰਦੀ ਉਹ ਨੀ ਕਰਦੀ , ਪਰ ਅਸੀਂ ਆਪਣੇ ਵੱਲ ਵੀ ਦੇਖੀਏ ਅਸੀਂ ਆਪਣਾ ਆਲਾ ਦੁਆਲਾ ਤਾਂ ਆਪ ਸਾਫ ਰੱਖ ਨਹੀਂ ਸਕਦੇ , ਅਸੀਂ ਹੀ ਹਾਂ ਜੋ ਗੰਦ ਪਾਉਂਦੇ ਹਾਂ।

ਚਲਦੀ ਗੱਡੀ ਚੋ ਸਮਾਨ ਸੁੱਟ ਦਿੰਦੇ ਹਾਂ , ਸਮੁੰਦਰ ਕੰਡੇ ਜਾਂ ਪਹਾੜਾ ਤੇ ਜਾ ਕੇ ਗੰਦ ਪਾਉਣੋਂ ਨਹੀਂ ਹਟਦੇ , ਅਸੀਂ ਇਹ ਨਹੀਂ ਸੋਚਦੇ ਕੇ ਜਿਸ ਸਮਾਜ ਜਾ ਜਗ੍ਹਾ ਨੂੰ ਅਸੀਂ ਗੰਦਾ ਕਰ ਰਹੇ ਹਾਂ ਸਾਡੇ ਬੱਚਿਆਂ, ਸਾਡੀਆਂ ਨਸਲਾਂ ਨੇ ਵੀ ਇੱਥੇ ਰਹਿਣਾ ਹੈ ।

ਸਫਾਈ ਅਤੇ ਪੰਜਾਬ

ਵੈਸੇ ਵੀ ਸਾਡੇ ਪੰਜਾਬ ਦੀ ਜਮੀਨ ਬੰਜਰ ਬਣ ਜਾਵੇਗੀ , ਕੀਟਨਾਸ਼ਕਾਂ ਤੋਂ ਬਿਨਾ ਫ਼ਸਲਾ ਨਹੀਂ ਉਗਣੀਆਂ , ਪਾਣੀ ਦਾ ਪਹਿਲਾ ਹੀ ਬੁਰਾ ਹਾਲ ਹੈ , ਬੱਚੇ ਜੰਮਣੇ ਵੀ ਔਖੇ ਹੋਏ ਪਏ ਨੇ ਦਵਾਈਆਂ ਅਤੇ ਵੱਡੇ ਓਪ੍ਰੇਸ਼ਨਾਂ ਤੋਂ ਬਿਨਾ , ਕਦੇ ਸੋਚਿਆ ਹੈ ਅਸੀਂ ਜਾ ਕਿਧਰ ਜਾ ਰਹੇ ਹਾਂ ?

ਸਫਾਈ ਘਰ ਦੇ ਲਾਗੇ

ਪਿਛਲੇ ਮਹੀਨੇ ਸਾਡੇ ਮੋਹੱਲੇ ਦੀ ਇੱਕ ਕੁੜੀ ਦਾ ਵਿਆਹ ਸੀ , ਜਿਹਨਾਂ ਦੇ ਘਰ ਦੇ ਲਾਗੇ ਹੀ ਕੂੜੇ ਦਾ ਢੇਰ ਲੱਗਦਾ ਸੀ , ਦਿੱਲ ਖੋਲ ਕੇ ਹਰ ਪਾਸੇ ਪੈਸੇ ਖਰਚੇ ਸਨ , ਪਰ ਘਰ ਦੇ ਲਾਗੇ ਦਾ ਕੂੜੇ ਦਾ ਢੇਰ ਉੱਥੇ ਦਾ ਉੱਥੇ ਸੀ , ਬਸ ਉਸ ਨੂੰ ਢੱਕ ਦਿੱਤਾ ਗਿਆ ਸੀ।

ਜਦੋਂ ਡੋਲੀ ਦਾ ਮੌਕਾ ਆਇਆ ਤਾਂ ਸਾਰੇ ਬਰਾਤੀਆਂ ਨੂੰ ਮੁਸ਼ਕ ਆਵੇ , ਵਿਆਹ ਤੋਂ ਬਾਅਦ ਕੁੜੀ ਨੂੰ ਓਹਦੇ ਸੋਹਰੇ ਪਰਿਵਾਰ ਨੇ ਜਦੋਂ ਕਿਹਾ ਕੇ ਤੁਹਾਡੇ ਲਾਗੇ ਦੇ ਕੂੜੇ ਦੇ ਢੇਰ ਤੋਂ ਬਹੁਤ ਬਦਬੂ ਆਉਂਦੀ ਹੈ ਤਾਂ ਕੁੜੀ ਨੂੰ ਕੁੱਝ ਸਮਝ ਨਾ ਆਵੇ ਕਿਉਂ ਕੇ ਉਸ ਨੂੰ ਕਦੀ ਉਥੋਂ ਬਦਬੂ ਏਨੀ ਨਹੀਂ ਲੱਗਦੀ ਸੀ।

ਕੁੜੀ ਆਪਣੀ ਜਗ੍ਹਾ ਸਹੀ ਸੀ , ਕਿਉਂ ਕੇ ਉਹ ਉਸ ਬਦਬੂ ਦੀ ਏਨੀ ਆਦੀ ਹੋ ਚੁੱਕੀ ਸੀ ਕੇ ਉਸ ਨੂੰ ਉਹ ਬਦਬੂ ਬਹੁਤ ਜ਼ਿਆਦਾ ਨਹੀਂ ਲੱਗਦੀ ਸੀ , ਪਰ ਜਿਸ ਬੰਦੇ ਨੇ ਗੰਦਗੀ ਨਾ ਦੇਖੀ ਹੋਵੇ ਓਹਦੇ ਲਈ ਉਹ ਸਹਿਣ ਯੋਗ ਨਹੀਂ ਸੀ।

ਧਰਮ ਅਤੇ ਸਫਾਈ

ਫਿਰ ਮੋਹੱਲੇ ਚ ਆਇਆ ਇੱਕ ਧਾਰਮਿਕ ਸਮਾਗਮ , ਬਰਾਤੀਆਂ ਦੇ ਢੱਕੇ ਹੋਏ ਮੂੰਹਾਂ ਤੋਂ ਸਬਕ ਲੈਂਦੇ ਹੋਏ ਅਤੇ ਆਸਤਾ ਚ ਇਕੱਠੇ ਹੋਏ ਮੋਹੱਲੇ ਨੇ ਉਸ ਕੂੜੇ ਦੇ ਢੇਰ ਨੂੰ ਢੇਰ ਕਰ ਹੀ ਦਿੱਤਾ ਆਖਿਰਕਾਰ , ਚਲੋ ਸੁਖ ਦੀ ਗੱਲ ਹੈ ਕੇ ਧਾਰਮਿਕ ਸਮਾਗਮ ਕਰ ਕੇ ਹੀ ਸਹੀ ਸਾਰੇ ਇਕੱਠੇ ਹੋਏ ਅਤੇ ਬਦਬੂ ਤੋਂ ਨਿਜਾਤ ਮਿਲੀ

ਰੱਬ ਹਰ ਜਗ੍ਹਾ ਬਿਰਾਜਮਾਨ ਹੈ ਮੰਦਿਰ ਮਸਜਿਦ ਗੁਰਦਵਾਰਿਆਂ ਚ ਹੀ ਨਹੀਂ , ਇਸ ਲਈ ਜਦੋਂ ਵੀ ਅਸੀਂ ਗੰਦ ਪਾਈਏ ਤਾਂ ਜਰੂਰ ਸੋਚੀਏ ਕੇ ਅਸੀਂ ਉਸ ਰੱਬ ਦੇ ਘਰ ਨੂੰ ਗੰਦਾ ਕਰ ਰਹੇ ਹਾਂ

WATCH ON apnaranglapunjab.com

Leave a Reply