ਘਰਬਾਰ , ਕੰਮਕਾਜ , ਰਿਸ਼ਤੇ ਅਤੇ ਕੱਟਾ – ਜੀ ਹਾਂ ਤੁਸੀਂ ਸਹੀ ਪੜਿਆ ਕੱਟਾ – ਢੁਕਵੀਂ ਗੱਲ – APNA RANGLA PUNJAB

ਘਰਬਾਰ , ਕੰਮਕਾਜ , ਰਿਸ਼ਤੇ ਅਤੇ ਕੱਟਾ – ਢੁਕਵੀਂ ਗੱਲ।

ਅੱਜ ਕੱਲ ਦੇ ਪਦਾਰਥਵਾਦੀ ਯੁੱਗ ਦੇ ਵਿੱਚ ਕਿਸੇ ਨਾਲ ਰਿਸ਼ਤੇ ਨਿਭਾਉਣੇ ਅਤੇ ਆਪਣੇ ਕੰਮ ਦੇ ਵਿੱਚ ਵਾਧਾ ਕਰਨਾ ਉਹ ਵੀ ਬਿਨਾ ਕਿਸੇ ਲੜਾਈ ਝਗੜੇ ਅਤੇ ਪਿਆਰ ਨਾਲ , ਓਨਾ ਹੀ ਔਖਾ ਹੈ ਜਿੰਨਾ ਨੰਗੀ ਤਲਵਾਰ ਤੇ ਤੁਰਨਾ , ਇਹ ਗੱਲ ਕੋਈ ਨਵੀਂ ਨਹੀਂ ਲਿਖੀ ਗਈ ਇਹ ਤੁਸੀਂ ਕਈ ਬਾਰ ਸੁਣੀ ਹੋਵੇਗੀ ਅਤੇ ਹੰਢਾਈ ਵੀ ਹੋਵੇਗੀ।

ਇਹਨਾਂ ਚੱਕਰਾਂ ਚੋ ਨਿਕਲਣ ਲਈ ਕੋਈ ਨਾ ਕੋਈ ਵਿਚਕਾਰਲਾ ਰਸਤਾ ਤਾਂ ਕੱਢਣਾ ਹੀ ਪੈਂਦਾ ਹੈ , ਜੇਕਰ ਕੰਮਕਾਜ ਚ ਘਾਟਾ ਪੈ ਰਿਹਾ ਹੈ ਤਾਂ ਤੁਹਾਨੂੰ ਆਪਣੇ ਕਾਮਿਆਂ ਤੇ ਗੁੱਸਾ ਚੜ੍ਹਨਾ ਲਾਜਮੀ ਹੈ , ਪਰ ਲੀਡਰ ਜਾ ਨਾਇਕ ਓਹੀ ਹੈ ਜੋ ਨਾਕਾਮਯਾਬੀ ਆਪਣੇ ਮੋਢਿਆਂ ਤੇ ਲੈ ਲਵੇ , ਅਤੇ ਜਦੋਂ ਪ੍ਰਮਾਤਮਾ ਕਾਮਯਾਬੀ ਦਵੇ ਤੇ ਉਸਦਾ ਸੇਹਰਾ ਆਪਣੇ ਸਹਿਯੋਗੀਆਂ ਦੇ ਸਿਰ ਤੇ ਬੰਨੇ , ਉਸੇ ਤਰ੍ਹਾਂ ਘਰ ਪਰਿਵਾਰ ਵਿੱਚ ਇੱਕ ਚੁੱਪ ਸੋ ਸੁੱਖ ਨੂੰ ਆਪਣਾ ਕੇ ਜੀਵਨ ਚੰਗੀ ਤਰ੍ਹਾਂ ਬਤੀਤ ਕੀਤਾ ਜਾ ਸਕਦਾ ਹੈ।

ਇੱਕ ਬਾਰ ਦੀ ਗੱਲ ਹੈ ਕੇ ਇੱਕ ਔਰਤ ਆਪਣੇ ਘਰ ਦਾ ਸਾਰਾ ਕੰਮ ਆਪਣੀਆਂ ਨੋਹਾਂ ਤੋਂ ਕਰਵਾਇਆ ਕਰੇ ਤੇ ਆਪਣੇ ਬੱਚਿਆਂ ਘਰਵਾਲੇ ਤੇ ਰੋਬ੍ਹ ਵੀ ਪੂਰੇ ਰੱਖਿਆ ਕਰੇ , ਦੂਜੇ ਦਿਨ ਕਹਿ ਦਿਆ ਕਰੇ ਵੀ ਮੈਂ ਚੱਲੀ ਆ ਘਰ ਛੱਡ ਕੇ , ਘਰਵਾਲਾ ਤੇ ਬੱਚੇ ਉਸ ਨੂੰ ਮਨਾ ਲਿਆ ਕਰਨ ਹਰ ਬਾਰ ਦੀ ਤਰ੍ਹਾਂ , ਇੱਕ ਬਾਰ ਕੀ ਹੋਇਆ ਕੇ ਘਰ ਦੇ ਵਿੱਚ ਕੋਈ ਖੁਸ਼ੀ ਦਾ ਸਮਾਗਮ ਤੇ ਔਰਤ ਆਪਣੇ ਘਰਵਾਲੇ ਨਾਲ ਹਰ ਬਾਰ ਦੀ ਤਰ੍ਹਾਂ ਲੜ ਪਈ ਪਰ ਉਸ ਸਮੇਂ ਉਸ ਨੇ ਇਹ ਨੀ ਸੋਚਿਆ ਕੇ ਪਹਿਲਾ ਤਾਂ ਘਰਵਾਲਾ ਇਕੱਲਾ ਹੁੰਦਾ ਹੈ ਇਸ ਬਾਰ ਸਾਰਿਆਂ ਪ੍ਰੋਹਣੇਆਂ ਸਾਹਮਣੇ ਹੀ ਲੱਗ ਗਈ , ਘਰਵਾਲੇ ਨੂੰ ਬਹੁਤ ਗੁੱਸਾ ਚੜ ਗਿਆ , ਇਸ ਬਾਰ ਜਦੋਂ ਓਹਨੇ ਕਿਹਾ ਕੇ ਮੈਂ ਚੱਲੀ ਆ ਘਰ ਛੱਡ ਕੇ ਤਾਂ ਘਰਵਾਲੇ ਨੇ ਵੀ ਹੱਥ ਜੋੜ ਦਿੱਤੇ ਕੇ ਜਾ ਜੋ ਤੇਰੀ ਮਰਜੀ ਕਰ , ਏਨੇ ਲੋਕ ਹੁਣ ਔਰਤ ਵੀ ਸੋਚੇ ਕੇ ਗ਼ਲਤ ਹੋ ਗਿਆ ਨਾ ਘਰਵਾਲਾ ਜਾਣ ਤੋਂ ਰੋਕੇ ਨਾ ਬੱਚੇ , ਆਪਣਾ ਮੂੰਹ ਲੈ ਕੇ ਤੁਰ ਪਈ ਪਿੰਡ ਦੇ ਅੱਡੇ ਵੱਲ ਨੂੰ , ਹੁਣ ਸੋਚਦੀ ਹੈ ਕੋਈ ਰੋਕੇ , ਕੋਈ ਅਵਾਜ ਮਾਰੇ , ਕੋਈ ਵਜ੍ਹਾ ਬਣ ਜਾਵੇ , ਪਰ ਹੁਣ ਕੀ ਕਰੇ , ਕਿਸਮਤ ਨੂੰ ਕੋਸਦੀ ਹੈ ਤੇ ਤੁਰਦੀ ਜਾਂਦੀ ਹੈ , ਰਸਤੇ ਚ ਤੁਰਦੀ ਜਾਂਦੀ ਹੈ ਅਤੇ ਆਪਣੇ ਆਪ ਨੂੰ ਕੋਸਦੀ ਹੈ , ਤੁਰੀ ਜਾਂਦੀ ਦੀ ਨਜ਼ਰ ਆਪਣੇ ਕੱਟੇ ਤੇ ਪੈਂਦੀ ਹੈ ਤੇ ਕੀ ਦੇਖਦੀ ਹੈ ਕੇ ਓਹਨਾ ਦਾ ਕੱਟਾ ਇੱਧਰ ਉੱਧਰ ਫ਼ਸਲ ਖਰਾਬ ਕਰਦਾ ਪਿਆ ਸੀ , ਕੱਟੇ ਨੂੰ ਰੱਸੀ ਤੋਂ ਫੜ ਦੀ ਹੈ ਅਤੇ ਰੱਬ ਦਾ ਸ਼ੁਕਰ ਕਰਦੀ ਹੈ ਕੇ ਇਹ ਮਿਲ ਗਿਆ ਅਤੇ ਘਰ ਵਾਪਿਸ ਤੁਰ ਪੈਂਦੀ ਹੈ , ਘਰ ਜਾ ਕੇ ਘਰਵਾਲਾ ਕਹਿੰਦਾ ਕੇ ਕਿਦਾਂ ਭਾਗਵਾਨੇ ਆ ਗਈ ਹੈ , ਤਾਂ ਔਰਤ ਕਹਿੰਦੀ ਹੈ ਕੇ “ਮੈਂ ਕਿੱਥੇ ਆਉਂਦੀ ਸੀ ਇਹ ਕੱਟਾ ਮੈਨੂੰ ਲੈ ਆਇਆ ਹੈ”।

ਇਸ ਲਈ ਧਿਆਨ ਰੱਖੋ ਕੇ ਕੰਮ ਛੱਡਣ ਤੇ ਘਰ ਛੱਡਣ ਦੀ ਗੱਲ ਉਦੋਂ ਹੀ ਕਰੋ ਜਦੋਂ ਪਤਾ ਹੋਵੇ ਕੇ ਤੁਹਾਡਾ ਕੱਟਾ ਤੁਹਾਨੂੰ ਪਿੰਡ ਦੇ ਵਸੀਮੇ ਤੋਂ ਵਾਪਿਸ ਘਰ ਜਾਂ ਕੰਮ ਤੇ ਲੈ ਹੀ ਆਵੇਗਾ।

Leave a Reply